Thursday, February 15, 2024

ਮੁਝ ਕੋ ਮੇਰੇ ਬਾਅਦ ਜ਼ਮਾਨਾ ਢੂੰਡੇਂਗਾ - ਪਦਮਸ਼੍ਰੀ ਮੁਹੰਮਦ ਰਫੀ Mujh ko mere Baad zamana dhoondega - Padamshri Mohammad Rafi


ਮੁਝ ਕੋ ਮੇਰੇ ਬਾਅਦ ਜ਼ਮਾਨਾ ਢੂੰਡੇਗਾ!                                                                                                              ਪਦਮ ਸ਼੍ਰੀ ਮੁਹੰਮਦ ਰਫ਼ੀ

ਇਕੱਤੀ ਜੁਲਾਈ 1980 ਵੀਰਵਾਰ ਦੀ ਮਨਹੂਸ ਸ਼ਾਮ ਨੂੰ ਤਕਰੀਬਨ ਸਾਢੇ ਦਸ ਵਜੇ, ਮੁਹੰਮਦ ਰਫ਼ੀ ਸਾਹਿਬ ਦੇ ਸੀਨੇ ‘ਚ ਜਿਹੜਾ ਦਰਦ ਉਠਿਆ, ਉਹ ਇਕ ਵੱਡਾ ਤੇ ਘਾਤਕ ਦਿਲ ਦਾ ਦੌਰਾ ਸੀ।ਸੋ 55 ਸਾਲ ਸੱਤ ਮਹੀਨੇ ਤੇ ਉੱਨੀ ਦਿਨ ਦੀ ਜ਼ਿੰਦਗ਼ੀ ਪੂਰੀ ਕਰਕੇ ਉਹ, ਸੰਤ ਸੁਭਾਅ, ਜ਼ਹੀਨ ਕਲਾਕਾਰ ਪੂਰੀ ਦੁਨੀਆਂ ਵਿਚ ਫੈਲੇ ਆਪਣੇ ਕਰੋੜਾਂ ਚਹੇਤਿਆਂ ਨੂੰ ਰੋਦੇ ਕੁਰਲਾਉਂਦੇ ਛੱਡ ਕੇ ਇਸ ਸੰਸਾਰ ਤੋਂ ਕੂਚ ਕਰ ਗਿਆ ਤੇ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ, ਜਬ ਕਭੀ ਭੀ ਸੁਨੋਗੇ ਗੀਤ ਮੇਰੇ ਸੰਗ ਸੰਗ ਤੁਮ ਭੀ ਗੁਨਗੁਨਾਓਗੇ’ ਵਾਲੀ ਗੱਲ ਸੱਚ ਕਰ ਗਿਆ।ਮੁਹੰਮਦ ਰਫ਼ੀ ਦੇ ਜਨਾਜ਼ੇ ਵੇਲੇ ਮੁੰਬਈ ਵਿਚ ਮੋਹਲ਼ੇਧਾਰ ਮੀਂਹ ਵਿਚ ਦਸ ਹਜ਼ਾਰ ਤੋਂ ਵੀ ਵੱਧ ਹਾਜ਼ਰੀਨ ਸਨ।ਲੋਕ ਕਹਿੰਦੇ ਸਨ ਕਿ ਰਫ਼ੀ ਦੀ ਫੌਤਗੀ ‘ਤੇ ਰੱਬ ਵੀ ਜ਼ਾਰ ਜ਼ਾਰ ਰੋ ਰਿਹਾ ਹੈ।ਉਹਨਾਂ ਨੂੰ ਮ੍ਰਿਤਕ ਦੇਹ ਨੂੰ ਜੁਹੂ ਵਾਲੇ ਕਬਰਸਤਾਨ ਵਿਚ ਦਫਨਾਇਆ ਗਿਆ ਸੀ ਤੇ ਭਾਰਤ ਸਰਕਾਰ ਨੇ ਦੋ ਦਿਨ ਦਾ ਸੋਗ ਮਨਾਉਣ ਦਾ ਐਲਾਨ ਕੀਤਾ।ਰਫ਼ੀ ਸਾਹਿਬ ਨੇ ਆਖ਼ਰੀ ਗਾਣਾ, ‘ਸ਼ਾਮ ਫਿਰ ਕਿਉਂ ਉਦਾਸ ਹੈ ਦੋਸਤ, ਤੂ ਕਹੀਂ ਆਸ ਪਾਸ ਹੈ ਦੋਸਤ (ਫਿਲਮ ਆਸ ਪਾਸ) ਰਿਕਾਰਡ ਕਰਵਾਇਆ ਸੀ।

ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠੇ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਦੇ ਨਿਵਾਸੀ ਹਾਜੀ ਅਲੀ ਮੁਹੰਮਦ ਅੱਬਾ ਤੇ ਅੱਲਾ ਰੱਖੀ ਅੰਮੀ ਦੇ ਘਰ 24 ਦਸੰਬਰ 1924 ਨੂੰ ਜਨਮਿਆਂ ਸੀ ਘਾਗ ਗਾਇਕ ਮੁਹੰਮਦ ਰਫ਼ੀ।ਮਾਂ ਪਿਓ ਤੇ ਪਿੰਡ ਵਾਲੇ ਉਹਨੂੰ ਪਿਆਰ ਨਾਲ ਫੀਕੂ ਕਹਿੰਦੇ ਹੁੰਦੇ ਸਨ।ਬੀਬੀਸੀ ਨੂੰ ਦਿੱਤੀ ਇਕ ਇੰਟਰਵਿਊ ਵਿਚ ਰਫ਼ੀ ਸਾਹਿਬ ਨੇ ਖ਼ੁਦ ਕਿਹਾ ਸੀ, “ਮੈਂ ਆਪਣੇ ਪਿੰਡ ਦੇ ਸਕੂਲ ਵਿਚ ਦੋ ਕੁ ਜਮਾਤਾਂ ਹੀ ਪੜ੍ਹੀਆਂ ਸਨ।ਉਹਦੇ ਬਚਪਨ ਵੇਲ਼ੇ, ਕੋਟਲੇ ਪਿੰਡ ਦੀਆਂ ਗਲ਼ੀਆਂ ਵਿਚ ਮੂੰਹ ਮਨ੍ਹੇਰੇ ਇਕ ਫ਼ਕੀਰ ਆਉਂਦਾ ਹੁੰਦਾ ਸੀ ਜੋ ਤੂੰਬੇ ਨਾਲ ਗਾਉਂਦਾ ਹੁੰਦਾ ਸੀ, ‘ਖੇਡਣ ਦੇ ਦਿਨ ਚਾਰ ਬੰਦਿਆ ਖੇਡਣ ਦੇ ਦਿਨ ਚਾਰ।ਉਹਦੀ ਆਵਾਜ਼ ਫੀਕੂ ਨੂੰ ਖਿੱਚ ਲੈਂਦੀ ਤੇ ਉਹ, ਦੂਰ ਤੱਕ ਉਹਦੇ ਪਿੱਛੇ-ਪਿੱਛੇ ਚਲਾ ਜਾਂਦਾ।ਜਦ ਫੀਕੂ ਅਜੇ ਗਿਆਰਾਂ ਕੂ ਸਾਲਾਂ ਦੀ ਸੀ ਤਾਂ ਉਹਦਾ ਅੱਬਾ ਉਸਨੂੰ ਲਾਹੌਰ ਲੈ ਗਿਆ ਜਿੱਥੇ ਉਹ ਭਾਟੀ ਏਰੀਏ ਦੇ ਨੂਰ ਮੁਹੱਲੇ ਵਿਚ ਰਹੇ।ਅੱਬਾ ਹਾਜੀ ਅਲੀ ਸੜਕ ਦੇ ਕੰਢੇ ਕੁਰਸੀ ਲਗਾ ਕੇ ਹਜਾਮਤਾਂ ਤੇ ਦਾੜ੍ਹੀਆਂ ਬਣਾਉਂਦਾ ਹੁੰਦਾ ਸੀ ਤੇ ਫੀਕੂ ਅੱਬੇ ਦੀ ਮਦਦ ਕਰਦਾ ਸੀ।ਸੰਨ 1940 ਵਿਚ ਇਕ ਦਿਨ ਆਕਾਸ਼ ਬਾਣੀ ਲਾਹੌਰ ਦਾ ਸੰਗੀਤਕਾਰ ਪੰਡਿਤ ਜੀਵਨ ਲਾਲ ਮੱਟੂ ਜਦ ਹਜਾਮਤ ਕਰਵਾਉਣ ਲਈ ਆਇਆ ਤਾਂ ਉਸਨੇ ਸੋਲ਼੍ਹਾ ਸਾਲਾ ਫੀਕੂ ਨੂੰ ਅੰਮ੍ਰਿਤਸਰੀ ਲਹਿਜੇ ਵਿਚ ਹੀਰ ਵਾਰਸ ਸ਼ਾਹ ਗਾਉਂਦੇ ਨੂੰ ਸੁਣਿਆਂ।ਮੱਟੂ ਦੇ ਦਿਲ ਨੂੰ ਉਸ ਦੀ ਆਵਾਜ਼ ਕੀਲ ਗਈ ਤੇ ਉਸਨੇ ਸੋਚ ਲਿਆ ਕਿ ਉਹ ਇਸ ਮੁੰਡੇ ਨੂੰ ਸੰਗੀਤ ਸਿਖਾਵੇਗਾ।ਬੱਸ ਫੇਰ ਕੀ ਸੀ, ਕੁਝ ਸਾਲਾਂ ਵਿਚ ਹੀ ਫੀਕੂ ਆਕਾਸ਼ ਬਾਣੀ ਲਾਹੌਰ ਤੋਂ ਲਗਾਤਾਰ ਗਾਉਣ ਲੱਗ ਪਿਆ।ਜੀਵਨ ਲਾਲ ਮੱਟੂ ਨੇ ਉਸ ਨੂੰ ਰਾਗ-ਸ਼ਾਸ਼ਤਰ ਤੇ ਪੰਜਾਬੀ ਲੋਕ-ਰਾਗ, ਪਹਾੜੀ, ਭੈਰਵੀ, ਬਸੰਤ, ਮਲਹਾਰ ਆਦਿ ਰਾਗ ਸਿਖਾਏ ਜੋ ਲਾਹੌਰ ਦੀ ਇਕ ਪਰੰਪਰਾ ਹੈ।ਹਿੰਦੁਸਤਾਨੀ ਸ਼ਾਸਤਰੀ ਸੰਗੀਤ, ਸ਼ੁਰੂ ਵਾਲੇ ਸਾਲਾਂ ਵਿਚ ਪਟਿਆਲ਼ਾ ਘਰਾਣੇ ਦੇ ਉਸਤਾਦ ਗ਼ੁਲਾਮ ਅਲੀ ਖਾਨ ਨੇ ਸਿਖਾਇਆ ਤੇ ਬਾਅਦ ਵਿਚ ਉਸਤਦ ਵਾਹਿਦ ਅਲੀ ਖਾਂ ਨੇ ਸ਼ਾਸਤਰੀ ਸੰਗੀਤ ਦੀਆਂ ਕਈ ਬਾਰੀਕੀਆਂ ਸਮਝਾਈਆਂ।ਆਕਾਸ਼ ਬਾਣੀ ਲਾਹੌਰ ਦੇ ਫ਼ਿਰੋਜ਼ ਨਿਜਾਮੀ ਜਿਹਨੇ ਬਾਅਦ ਵਿਚ ਬਾਲੀਵੁੱਡ ਜਾਇਨ ਕਰ ਲਿਆ ਸੀ, ਨੇ ਵੀ ਰਫ਼ੀ ਨੂੰ ਸੰਗੀਤ ਦੇ ਕਈ ਪਾਠ ਪੜ੍ਹਾਏ।

ਜਦੋਂ ਰਫ਼ੀ ਅਜੇ ਸਤਾਰਾਂ ਸਾਲਾਂ ਦਾ ਲੂੰਆਂ ਜਿਹਾ ਮੁੰਡਾ ਹੀ ਸੀ ਤਾਂ ਮਸ਼ਹੂਰੋ ਮਾਅਰੂਫ਼ ਗਾਇਕ ਕੰਦਨ ਲਾਲ ਸਹਿਗਲ ਦਾ, ਲਾਹੌਰ ਵਿਚ ਇਕ ਪ੍ਰੋਗ੍ਰਾਮ ਮੁਨੱਕਦ ਕੀਤਾ ਗਿਆ।ਸਹਿਗਲ ਨੂੰ ਸੁਨਣ ਵਾਸਤੇ ਬਹੁਤ ਖ਼ਲਕਤ ਇਕੱਠੀ ਹੋਈ ਹੋਈ ਸੀ ਜਿਸ ਵਿਚ ਰਫ਼ੀ ਤੇ ਉਹਦਾ ਵੱਡਾ ਭਰਾ ਹਮੀਦ ਵੀ ਬੈਠੇ ਹੋਏ ਸਨ।ਸਹਿਗਲ ਸਾਹਿਬ ਦੇ ਸਟੇਜਤੇ ਆਉਣ ਤੋਂ ਪਹਿਲਾਂ ਅਚਾਨਕ ਬਿਜਲੀ ਬੰਦ ਹੋ ਗਈ ਤਾਂ ਟਾਇਮ ਪਾਸ ਕਰਨ ਵਾਸਤੇ ਹਮੀਦ ਨੇ ਕਿਹਾ, ‘ਆਹ ਮੁੰਡਾ ਵਧੀਆ ਗਾ ਲੈਂਦੈ, ਜਿੰਨੀ ਦੇਰ ਬਿਜਲੀ ਨਹੀਂ ਆਉਂਦੀ ਉਨੀ ਦੇਰ ਇਹਨੂੰ ਸੁਣ ਲੈਂਦੇ ਹਾਂ।ਇੰਤਜ਼ਾਮੀਆਂ ਨੇ ਰਫ਼ੀ ਨੂੰ ਮੌਕਾ ਦੇ ਦਿੱਤਾ।ਇਸ ਮੁੰਡੇ ਨੇ ਤਾਂ ਹੀਰ ਵਰਿਸ਼ ਸ਼ਾਹ ਤੇ ਪੰਜਾਬੀ ਗਾਣਿਆਂ ਦੇ ਵੱਟ ਹੀ ਕੱਢ ਦਿੱਤੇ।ਜਦ ਬਿਜਲੀ ਗਈ ਤੇ ਸਹਿਗਲ ਸਾਹਿਬ ਸ਼ੁਰੂ ਕਰਨ ਲੱਗੇ ਤਾਂ ਲੋਕ ਇਸੇ ਮੁੰਡੇ (ਰਫ਼ੀ) ਨੂੰ ਹੀ ਸੁਨਣਾ ਚਾਹੁੰਦੇ ਸਨ। ਸਰੋਤਿਆਂ ਦਰਮਿਆਨ ਬੈਠੇ ਹੋਏ ਸੰਗੀਤਕਾਰ ਸ਼ਿਆਮ ਸੁੰਦਰ ਨੇ ਤਾੜ ਲਿਆ ਕਿ ਮੁੰਡਾ ਬੜੇ ਕੰਮ ਦਾ ਹੈ।ਉਸੇ ਸਾਲ ਹੀ ਉਸ ਨੇ ਮੁਹੰਮਦ ਰਫ਼ੀ ਨੂੰ ਜ਼ੀਨਤ ਬੇਗ਼ਮ ਨਾਲ ਪਲੇਅ-ਬੈਕ ਸਿੰਗਰ ਵਜੋਂ ਪੰਜਾਬੀ ਫਿਲਮ ਗੁਲ ਬਲੋਚ ਵਾਸਤੇ ਪਹਿਲਾ ਗਾਣਾਸੋਹਣੀਏਂ ਨੀ ਹੀਰੀਏ ਨੀਗਾਉਣ ਦਾ ਮੌਕਾ ਦਿੱਤਾ।ਹਿੰਦੀ ਫਿਲਮ ਵਿਚ ਰਫ਼ੀ ਨੇ ਪਹਿਲਾ ਗਾਣਾ 1945 ਵਿਚ ਫਿਲਮਗਾਓਂ ਕੀ ਗੋਰੀਵਾਸਤੇ ਗਾਇਆ।ਕੁਝ ਫਿਲਮਾਂ ਵਿਚ ਰਫ਼ੀ ਸਾਹਿਬ ਨੇ ਐਕਟਿੰਗ ਵੀ ਕੀਤੀ ਜਿਵੇਂ ਲੈਲਾ ਮਜਨੂੰ (1945) ਤੇ ਜੁਗਨੂੰ (1947)।ਸੰਗੀਤਕਾਰ ਫ਼ਿਰੋਜ਼ ਨਿਜਾਮੀ ਨੇ ਰਫ਼ੀ ਕੋਲੋਂਯਹਾਂ ਬਦਲਾ ਵਫ਼ਾ ਕਾ ਬੇ ਵਫ਼ਾਈ ਕੇ ਸਿਵਾ ਕਿਆ ਹੈ’  ਗਵਾ ਕੇ ਉਸਨੂੰ ਬਰੇਕ ਦਿੱਤੀ।ਨਿਮਰਤਾ, ਆਵਾਜ਼ ਦਾ ਜਾਦੂ ਤੇ ਮਿਹਨਤੀ ਹੋਣ ਕਰਕੇ ਮੁਹੰਮਦ ਰਫ਼ੀ ਸਾਰੇ ਫਿਲਮ ਜਗਤ ਵਿਚ ਛਾ ਗਿਆ।ਉਹਦੀ ਆਵਾਜ਼ ਦੇ ਉਤਰਾ ਚੜ੍ਹਾ ਦੇ ਰੇਂਜ ਬਹੁਤ ਜ਼ਿਆਦਾ ਸੀ।ਭਾਰਤੀ ਫਿਲਮ ਇੰਡਸਟਰੀ ਵਿਚ ਹੁਣ ਤੱਕ ਦੇ ਮਰਦ ਪਲੇਅ ਬੈਕ ਸਿੰਗਰਾਂਚੋਂ ਰਫ਼ੀ ਸਭ ਤੋਂ ਮਕਬੂਲ ਹੈ।ਉਹ ਥੋੜ੍ਹਾ ਤੇ ਮਿੱਠਾ ਬੋਲਣ ਵਾਲਾ, ਈਰਖਾ ਤੇ ਵੈਰ-ਵਿਰੋਧ ਤੋਂ ਨਿਰਲੇਪ, ਸੰਤ ਤੇ ਸੰਗਾਊ ਸੁਭਾਅ ਵਾਲਾ, ਨਿਉਂ ਕੇ ਰਹਿਣ ਵਾਲਾ ਅਤੇ ਰੱਬ ਤੋਂ ਡਰਨ ਵਾਲਾ ਗੁਪਤ-ਦਾਨੀ ਬੰਦਾ ਸੀ।ਮੈਨੂੰ (ਲੇਖਕ ਨੂੰ) ਇਹ ਸੁਭਾਗ ਪ੍ਰਾਪਤ ਹੈ ਕਿ ਮੈਂ ਰਫ਼ੀ ਸਾਹਿਬ ਨੂੰ ਲਾਇਵ ਸਟੇਜਤੇ ਗਾਉਂਦੇ ਹੋਏ ਸੁਣਿਆ ਹੈ।1967 ਵਿਚ ਜਦ ਰਫ਼ੀ ਸਾਹਿਬ ਦੀ ਗਾਇਕੀ ਪੂਰੇ ਜੋਬਨਤੇ ਸੀ ਤਾਂ ਅੰਮ੍ਰਿਤਸਰ ਰਾਮ ਤੀਰਥ ਰੋਡਤੇ ਪੈਂਥਰ ਸਟੇਡੀਅਮ ਵਿਚ ਰਫ਼ੀ ਨਾਇਟ ਮੁਨੱਕਦ ਕੀਤੀ ਗਈ ਸੀ।ਉਦੋਂ ਮੈਂ ਆਪਣੇ ਸਾਇਕਲ ਦੇ ਕੈਰੀਅਰਤੇ ਖੜੇ ਹੋ ਕੇ ਰਫ਼ੀ ਸਾਹਿਬ ਨੂੰ ਸੁਣਿਆ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬੀ ਫਿਲਮ ਭੰਗੜਾ ਦਾ ਗਾਣਾਚਿੱਟੇ ਦੰਦ ਹੱਸਣੋਂ ਨਹੀਓਂ ਰਹਿੰਦੇ ਕਿ ਲੋਕੀ ਭੈੜੇ ਸ਼ੱਕ ਕਰਦੇਗਾਇਆ ਸੀ ਤੋਂ ਉਸ ਤੋਂ ਬਾਅਦ ਚੱਲ ਸੁ ਚੱਲ।

ਰਫ਼ੀ ਸਾਹਿਬ ਦੀ ਮੌਤ ਤੋਂ 32 ਸਾਲ ਬਾਅਦ ਉਹਨਾਂ ਦੀ ਨੂੰ੍ਹ ਯਾਸਮੀਨ ਖ਼ਾਲਿਦ ਰਫ਼ੀ ਨੇ ਇਸ ਘਾਗ ਗਾਇਕ ਦੀ 190 ਸਫ਼ਿਆਂ ਦੀ ਜੀਵਨੀ ਲਿਖੀ ਹੈ, ‘ਮੁਹੰਮਦ ਰਫ਼ੀ-ਮਾਈ ਅੱਬਾ, ਮੈਮੋਇਰਜਿਸ ਵਿਚ ਉਸਨੇ ਰਫ਼ੀ ਸਾਹਿਬ ਦੀ ਪੂਰੀ ਜੀਵਨੀ, ਉਹਨਾਂ ਦਾ ਸੰਘਰਸ਼, ਸਾਦਗ਼ੀ, ਸਮੇਂ ਦੀ ਪਾਬੰਦੀ, ਅਨੁਸਾਸ਼ਨ ਦੇ ਨਾਲ-ਨਾਲ ਉਹ ਸਮਾ ਵੀ ਬਿਆਨਿਆ ਹੈ ਜਦ ਰਫ਼ੀ ਸਾਹਿਬ ਦਾ ਬੋਝਾ ਖਾਲੀ ਹੁੰਦਾ ਸੀ ਤੇ ਉਹ, ਇਕ ਤੋਂ ਦੂਸਰੇ ਸਟੁਡੀਓ ਵਿਚ ਪੈਦਲ ਜਾਂ ਸਾਇਕਲਤੇ ਘੁੰਮਦੇ ਹੁੰਦੇ ਸਨ।ਸਟੁਡੀਓ ਪਹੁੰਚਣਤੇ ਜਦ ਅੱਗੋਂ ਇਹ ਜਵਾਬ ਮਿਲਦਾ ਸੀ ਕਿਕਲ੍ਹ ਆਇਓਤਾਂ ਉਹ ਭੁੱਜੇ ਛੋਲੇ ਖਾ ਕੇ ਨੇੜਲੇ ਸਟੇਸ਼ਨਤੇ ਹੀ ਸੌਂ ਜਾਂਦੇ ਸਨ ਤੇ ਅਗਲੇ ਦਿਨ ਰੇਲੇ ਟ੍ਰੈਕ ਦੇ ਨਾਲ ਨਾਲ ਪੈਦਲ ਚੱਲ ਕੇ ਸਟੁਡੀਓ ਪਹੁੰਚ ਜਾਂਦੇ ਸਨ।

ਮੁਹੰਮਦ ਰਫ਼ੀ ਨੇ ਤਕਰੀਬਨ ਇਕ ਹਜ਼ਾਰ ਤੋਂ ਵੱਧ ਫਿਲਮਾਂ ਵਾਸਤੇ ਵੱਖ-ਵੱਖ ਜ਼ੁਬਾਨਾਂ ਵਿਚ ਗੀਤ ਗਾਏ। ਮੱੁਖ ਰੂਪ ਵਿਚ ਉਹ ਭਾਵੇਂ ਪੰਜਾਬੀ, ਹਿੰਦੀ ਤੇ ਉਰਦੂ ਦੇ ਜਾਣਕਾਰ ਸਨ ਫਿਰ ਵੀ ਉਹਨਾਂ ਨੇ ਬੰਗਾਲੀ, ਆਸਾਮੀ, ਕੌਂਕਣੀ, ਗੁਜਰਾਤੀ, ਕੰਨੜ, ਤਾਮਿਲ, ਤੇਲਗੂ, ਸਿੰਧੀ, ਡੱਚ, ਮਗਾਹੀ, ਮੈਥਾਲੀ, ਮਰਾਠੀ, ਉੜੀਆ, ਭੋਜਪੁਰੀ, ਹਿੰਦੁਸਤਾਨੀ ਸਮੇਤ ਅੰਗਰੇਜ਼ੀ, ਫ਼ਾਰਸੀ ਤੇ ਅਰਬੀ ਵਿਚ ਵੀ ਗਾਣੇ ਗਾਏ।ਬੀਬੀਸੀ ਨੂੰ ਦਿੱਤੀ ਇਕ ਇੰਟਰਵਿਊ ਮੁਤਾਬਿਕ ਉਹਨਾਂ ਨੇ ਤਕਰੀਬਨ 25000 ਗੀਤ ਗਾਏ ਹਨ ਜਿਹਨਾਂ ਵਿਚ ਗ਼ਜ਼ਲ, ਸ਼ਬਦ, ਭਜਨ, ਨਾਤੀਆ ਕਲਾਮ, ਕਲਾਸੀਕਲ, ਦੇਸ਼ ਭਗਤੀ ਦੇ, ਮਜ਼ਾਹੀਆ, ਰੋਮਾਂਟਿਕ, ਖਰਮਸਤੀਆਂ ਵਾਲ਼ੇ, ਡਾਂਸ ਵਾਲੇ, ਗ਼ਮਗੀਨ ਗਾਣੇ ਸ਼ਾਮਲ ਹਨ।ਮੁਹੰਮਦ ਰਫ਼ੀ ਆਪਣੀ ਆਵਾਜ਼ ਨੂੰ ਐਕਟਰ ਤੇ ਹਾਲਾਤ ਮੁਤਾਬਿਕ ਢਾਲ਼ ਲੈਂਦੇ ਸਨ ਜਿਵੇਂ: ਦਲੀਪ ਕੁਮਾਰ, ਮਹੀਵਾਲ, ਪ੍ਰਿਥਵੀ ਰਾਜ ਕਪੂਰ, ਅਸ਼ੋਕ ਕੁਮਾਰ, ਅਜੀਤ, ਭਾਰਤ ਭੂਸ਼ਨ, ਪ੍ਰਦੀਪ ਕੁਮਾਰ, ਗੁਰੁਦੱਤ, ਸੁਨੀਲਦੱਤ, ਸੋਮਦੱਤ, ਬਲਰਾਜ ਸਾਹਨੀ, ਰਾਜ ਕਪੂਰ, ਰਜਿੰਦਰ ਕੁਮਾਰ, ਦਾਰਾ ਸਿੰਘ, ਸ਼ਸ਼ੀ ਕਪੂਰ, ਸ਼ੰਮੀ ਕਪੂਰ, ਬਿਸਵਾਜੀਤ, ਜੋਇ ਮੁਕਰਜੀ, ਆਈ ਐਸ ਜੌਹਰ, ਰਾਜ ਕੁਮਾਰ, ਮਨੋਜ ਕੁਮਾਰ, ਜਤਿੰਦਰ, ਧਰਮਿੰਦਰ, ਸੰਜੀਵ ਕੁਮਾਰ, ਦੇਵ ਆਨੰਦ, ਵਿਜੈ ਆਨੰਦ, ਵਿਜੈ ਮਹਿਰਾ, ਰਣਧੀਰ ਕਪੂਰ, ਰਿਸ਼ੀ ਕਪੂਰ, ਨਵੀਨ ਨਿਸਚਲ, ਵਿਜੈ ਅਰੋੜਾ, ਅਮਿਤਾਬ ਬੱਚਨ, ਰਾਜ ਬੱਬਰ, ਸ਼ਤਰੂਘਣ ਸਿਨਹਾ, ਰਾਜੇਸ਼ ਖੰਨਾ ਤੇ ਵਿਨੋਦ ਖੰਨਾ ਤੋਂ ਇਲਾਵਾ ਪ੍ਰਾਣ, ਪ੍ਰੇਮ ਚੋਪੜਾ, ਜਾਨੀ ਵਾਕਰ, ਓਮ ਪ੍ਰਕਾਸ਼, ਮਹਿਮੂਦ, ਰਵਿੰਦਰ ਕਪੂਰ, ਸੁੰਦਰ, ਦਲਜੀਤ, ਸਤੀਸ਼ ਕੌਲ, ਰਜ਼ਾ ਮੁਰਾਦ, ਵਰਿੰਦਰ ਆਦਿ।ਰਫ਼ੀ ਨੇ ਅਣਗਿਣਤ ਚੋਟੀ ਦੇ ਮੌਸੀਕਾਰਾਂ ਨਾਲ ਕੰਮ ਕੀਤਾ ਜਿਵੇਂ ਨੌਸ਼ਾਦ, ਖ਼ੱਯਾਮ, ਹੁਸਨ ਲਾਲ ਭਗਤ ਰਾਮ, ਸੀ ਰਾਮ ਚੰਦਰ, ਐਨ ਦੱਤਾ ਐਸ ਐਨ ਤ੍ਰਿਪਾਠੀ, ਸਲੀਲ ਚੌਧਰੀ, ਅਨਿਲ ਬਿਸਵਾਸ, ਐਸ ਡੀ ਬਰਮਨ, ਮਦਨ ਮੋਹਨ, ਜੈ ਦੇਵ, ਆਰ ਡੀ ਬਰਮਨ, ਸਰਦੂਲ ਕਵਾਤਰਾ, ਐਸ. ਮੁਹਿੰਦਰ, ਸੋਨਿਕ ਓਮੀ, ਹੰਸ ਰਾਜ ਬਹਿਲ, ਊਸ਼ਾ ਖੰਨਾ, ਰਵਿੰਦਰ ਜੈਨ, ਲਕਸ਼ਮੀਕਾਂਤ ਪਿਆਰੇ ਲਾਲ, ਸ਼ੰਕਰ ਜੈ ਕਿਸ਼ਨ, ਭੱਪੀ ਲਹਿਰੀ, ਸ਼ਾਮ ਜੀ ਘਣਸ਼ਿਆਮ ਜੀ, ਸੁਰਿੰਦਰ ਕੋਹਲੀ ਅਦਿ।

ਉਮਦਾ ਗਾਇਕੀ ਕਰਕੇ ਰਫ਼ੀ ਸਾਹਿਬ ਨੂੰ ਛੇ ਫਿਲਮ ਫੇਅਰ ਅਵਾਰਡ ਤੇ ਇਕ ਨੈਸ਼ਨਲ ਫਿਲਮ ਅਵਾਰਡ ਮਿਿਲਆ ਸੀ।ਸੰਨ 1967 ਵਿਚ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ ਅੇਜਾਜ਼ ਨਾਲ ਸਨਮਾਨਤ ਕੀਤਾ ਸੀ।

ਲਤਾ ਮੰਗੇਸ਼ਕਰ ਨਾਲ ਮਨ ਮੁਟਾਵ: 1962 ਵਿਚ ਲਤਾ ਮੰਗੇਸ਼ਕਰ ਨੇ ਰਫ਼ੀ ਸਾਹਿਬ ਨੂੰ ਫਿਲ਼ਮ ਨਿਰਮਾਤਾਵਾਂ ਕੋਲੋਂ ਗਾਣਿਆਂ ਦੀ ਰਾਇਲਟੀ ਮੰਗਣ ਵਾਸਤੇ ਕਿਹਾ।ਪਰ ਰਫ਼ੀ ਸਾਹਿਬ ਰਾਜ਼ੀ ਨਾ ਹੋਏ ਤੇ ਲਤਾ ਦਾ ਸਾਥ ਨਾ ਦਿਤਾ। ਦੋਹਵਾਂ ਦੀ ਵਿਗੜ ਗਈ।ਗੀਤਤਸਵੀਰ ਤੇਰੀ ਦਿਲ ਮੇਂ ਜਿਸ ਦਿਨ ਸੇ ਉਤਾਰੀ ਹੈਦੀ ਰਿਕਾਰਡਿੰਗ ਵੇਲੇ ਮੌਸੀਕਾਰ ਸਲੀਲ ਚੌਧਰੀ ਨੇ ਵੀ ਲਤਾ ਦੀ ਹਿਮਾਇਤ ਕਰ ਦਿੱਤੀ ਤਾਂ ਰਫ਼ੀ ਸਾਹਿਬ ਨੂੰ ਬਹੁਤ ਬੁਰਾ ਲੱਗਿਆ।ਲਤਾ ਨੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਉਹ ਰਫ਼ੀ ਨਾਲ ਕੋਈ ਗਾਣਾ ਨਹੀਂ ਗਾਏਗੀ।ਕੁਝ ਵਕਫੇ ਤੋਂ ਬਾਅਦ ਮੌਸੀਕਾਰ ਐਸ ਡੀ ਬਰਮਨ, ਜੈ ਕਿਸ਼ਨ ਤੇ ਨਰਗਿਸ ਨੇ ਕੋਸ਼ਿਸ਼ਾਂ ਕਰਕੇ ਦੋਹਵਾਂ ਵਿਚ ਸੁਲਾਹ ਕਰਵਾ ਦਿੱਤੀ ਗਈ।1967 ਵਿਚ ਮੁੰਬਈ ਦੇ ਸ਼ੰਨਮੁਖਾਨੰਦਾ ਹਾਲ ਵਿਚ ਐਸ ਡੀ ਬਰਮਨ ਨਾਇਟ ਮੁਨੱਕਦ ਕੀਤੀ ਗਈ ਸੀ ਜਿਸ ਦੇ ਐਂਕਰ ਸਨ ਮੌਸੀਕਾਰ ਮਦਨ ਮੋਹਨ ਤੇ ਨਰਗ਼ਿਸ।ਆਸ਼ਾ ਭੋਸਲੇ, ਰਫ਼ੀ, ਮੁਕੇਸ਼, ਕਿਸ਼ੋਰ, ਲਤਾ, ਸੁਮਨ ਕਲਿਆਣਪੁਰ ਆਦਿ ਸਭ ਫਨਕਾਰਾਂ ਨੇ ਸੋਲੋ ਗਾਣੇ ਗਾਏ।ਮਦਨ ਮੋਹਨ ਨੇ ਅਚਾਨਕ ਐਲਾਨ ਕੀਤਾ ਕਿ ਹੁਣ ਇਕ ਸਰਪ੍ਰਾਇਜ਼ ਆਇਟਮ ਪੇਸ਼ ਹੈ ਤਾਂ ਇਕ ਪਾਸਿਓਂ ਰਫ਼ੀ ਤੇ ਦੂਜੇ ਪਾਸਿਓਂ ਲਤਾ ਸਟੇਜਤੇ ਗਏ।ਤਮਾਸ਼ਬੀਨਾਂ ਦੀਆਂ ਤਾੜੀਆਂ ਦੀ ਕੋਈ ਹੱਦ ਨਾ ਰਹੀ ਤੇ ਦੋਹਵਾਂ ਨੇ ਗਾਇਡ ਫਿਲਮ ਦਾ ਗਾਣਾ ਗਾਇਆ, ‘ਦਿਲ ਪੁਕਾਰੇ ਰੇ ਰੇ ਰੇਤਾੜੀਆਂ ਨਾਲ ਸਾਰਾ ਹਾਲ ਗੂੰਜਦਾ ਰਿਹਾ।ਪਰ ਰਫ਼ੀ ਦੀ ਮੌਤ ਤੋਂ 32 ਸਾਲ ਬਾਅਦ, 2012 ਵਿਚ ਜਦ ਲਤਾ ਨੇ ਕਹਿ ਦਿੱਤਾ ਕਿ ਰਫ਼ੀ ਸਾਹਿਬ ਨੇ ਲਿਖਤੀ ਮੁਆਫੀ ਮੰਗੀ ਸੀ ਤਾਂ ਉਹਨਾਂ ਦੇ ਪੁੱਤਰ ਸ਼ਾਹਿਦ ਰਫ਼ੀ ਨੂੰ ਬਹੁਤ ਹੀ ਬੁਰਾ ਲੱਗਾ।ਉਹਨਾਂ ਨੇ ਪ੍ਰੈਸ ਕਾਂਨਫਰੰਸ ਕਰਕੇ ਕਿਹਾ, ‘ਲਤਾ ਮੰਗੇਸ਼ਕਰ ਨੇ ਰਫ਼ੀ ਸਾਹਿਬ ਦਾ ਮਰਨ ਉਪ੍ਰੰਤ ਵੀ ਨਿਰਾਦਰ ਕੀਤਾ ਹੈ।ਉਹਦੇ ਕੋਲ ਕੋਈ ਦਸਤਾਵੇਜ਼ ਹੈ ਤਾਂ ਦਿਖਾਵੇ ਦਸੰਬਰ 2013 ਵਿਚ ਜਦ ਮੈਂ (ਲੇਖਕ) ਮੁੰਬਈ ਮੁਕਾਮ ਰਫ਼ੀ ਸਾਹਿਬ ਦੇ ਘਰ ਗਿਆ ਸਾਂ ਤਾਂ ਸ਼ਾਹਿਦ ਰਫ਼ੀ ਨੇ ਜਜ਼ਬਾਤੀ ਹੋ ਕੇ ਮੈਨੂੰ ਲਤਾ ਜੀ ਬਾਰੇ ਕੀਤੀ ਪ੍ਰੈਸ ਕਾਂਨਫ੍ਰੰਸ ਦੀ ਵੀਡੀਓ ਵਿਖਾਈ ਸੀ।

ਮੁਹੰਮਦ ਰਫ਼ੀ ਤੋਂ ਬਾਅਦ ਉਹਨਾਂ ਨਾਲ ਰਲ਼ਦੀ ਮਿਲ਼ਦੀ ਆਵਾਜ਼ ਵਿਚ ਕਈ ਗਾਣੇ ਸ਼ਬੀਰ ਕੁਮਾਰ, ਮੁਹੰਮਦ ਅਜੀਜ਼, ਸੋਨੂੰ ਨਿਗ਼ਮ ਤੇ ਅਨਵਰ ਨੇ ਗਾਏ।ਬਰਮਿੰਘਮ ਵਿਚ ਇਕ ਕਲਾਕਾਰ ਤਸੱੱਵੁਰ ਬਸ਼ੀਰ ਨੇ ਰਫ਼ੀ ਸਾਹਿਬ ਦਾ ਇਕ ਪੂਜਾ ਸਥਾਨ ਬਣਾ ਕੇ ਸਤੰਬਰ 2007 ਵਿਚ ਇਸ ਦਾ ਇਫਤਦਾ ਕੀਤਾ ਸੀ।ਉਹਦਾ ਵਿਚਾਰ ਹੈ ਕਿ ਰਫ਼ੀ ਸਾਹਿਬ ਨੂੰ ਇਕ ਸੰਤ ਦਾ ਦਰਜਾ ਮਿਲ ਜਾਵੇਗਾ।ਮੁੰਬਈ ਦੇ ਬਾਂਦਰਾ ਇਲਾਕੇ ਵਿਚ ਉਹਨਾਂ ਦੇ ਨਾਂਤੇ ਇਕ ਚਂੌਕ ਹੈਪਦਮ ਸ਼੍ਰੀ ਮੁਹੰਮਦ ਰਫ਼ੀ ਚੌਂਕ।ਪੂਨਾ ਵਿਚ ਵੀ ਇਕ ਸੜਕ ਦਾ ਨਾਂ ਰਫ਼ੀ ਸਾਹਿਬ ਦੇ ਨਾਂ ਉਪਰ ਰੱਖਿਆ ਗਿਆ ਹੈ।

ਮੁਹੰਮਦ ਰਫ਼ੀ ਵਰਗੇ ਗੁਲੂਕਾਰ, ਸਹਿਨਸ਼ੀਲ ਤੇ ਸੰਤ ਸੁਭਾਅ ਇਨਸਾਨ ਕਦੇ-ਕਦੇ ਹੀ ਪੈਦਾ ਹੁੰਦੇ ਹਨ। ਸਾਡੇ ਵੱਲੋਂ ਭਾਵ-ਭਿੰਨੀ ਸ਼ਰਧਾਂਜਲੀ।  

    


 file:///C:/Users/Lord/Documents/Mohd%20RAfi%20%E0%A8%AE%E0%A9%81%E0%A8%9D%20%E0%A8%95%E0%A9%8B%20%E0%A8%AE%E0%A9%87%E0%A8%B0%E0%A9%87%20%E0%A8%AC%E0%A8%BE%E0%A8%85%E0%A8%A6%20%E0%A9%9B%E0%A8%AE%E0%A8%BE%E0%A8%A8%E0%A8%BE%20%E0%A8%A2%E0%A9%82%E0%A9%B0%E0%A8%A1%E0%A9%87%E0%A8%97%E0%A8%BE.pdf